THE DAILY HUKAMNAMA SAHIB FROM SRI DARBAR SAHIB AMRITSAR INCLUDING AUDIO PUNJABI AND ENGLISH TRANSLATIONS ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਅਰਥ: ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਅਰਥ: ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ਹੇ ਨਾਨਕ! ਆਖ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ।੧। ਮਃ ੩ ॥ ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥
ਅਰਥ: ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ। ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥
ਅਰਥ: ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ। ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ ਅਰਥ: ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ। ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ ਅਰਥ: ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ; (ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ। ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ ਅਰਥ: ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ; (ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ।੨। ਪਉੜੀ ॥ ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ ਅਰਥ: ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ; ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ) , ਛਿਨ ਮਾਤ੍ਰ ਵਿਚ ਲਹਿ ਜਾਏਗਾ, (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ। ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥ ਅਰਥ: ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ; (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ।੬।
Send in a voice message: https://anchor.fm/gsjhampur/message Support this podcast: https://anchor.fm/gsjhampur/support